“ਜੰਗ ਨੂੰ ਜਾਣ ਵਾਲੇ ਘੋੜੇ ਮੇਲਿਆਂ ‘ਤੇ ਨੀ ਨੱਚਦੇ ਹੁੰਦੇ”
ਹੁਣ ਕਹਿਣ ਨੂੰ ਘੋੜਾ ਤਾਂ ਘੋੜਾ ਹੀ ਹੁੰਦਾ ਏ – ਭਾਵੇਂ ਉਹ ਰਣ ਮੈਦਾਨ ਵਿਚ ਆਪਣੀ ਕਾਠੀ ‘ਤੇ ਕਿਸੇ ਸੂਰਬੀਰ ਨੂੰ ਬਾਹ ਕੇ ਵਿਚਰੇ ਜਾਂ ਕਿਸੇ ਬਾਜ਼ੀਗਰ ਦੇ ਮੇਲੇ ਵਿਚ ਕਰਤਵ ਜਿਹੇ ਦਿਖਾਵੇ। ਇਹ ਗੱਲ ਜਮਾ ਸੱਚ ਏ…
ਪਰ ਅਸਲ ਕਹਾਣੀ ਤਾਂ ਉਹ ਏ ਜੋ ਅਸੀਂ ਬਾਅਦ ‘ਚ ਆਪ ਬਣਦੇ ਆ। ਆਪਣੇ ਰੁਤਬੇ, ਆਪਣੀ ਅਣਖ ਅਤੇ ਆਪਣੇ ਅੰਦਰਲੀ ਕੁਦਰਤੀ ਵਿਰਤੀ ਨਾਲ ਜੋ ਸਮਝੌਤਾ ਨਹੀਂ ਕਰਦੇ, ਉਹ ਫੇਰ ਜੰਗਾਂ ਯੁੱਧਾਂ ਵਿਚ ਮੱਲਾਂ ਮਾਰਦੇ ਨੇ ਅਤੇ ਕਰਮਾਂ ਵਾਲੇ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਦੇ ਨੇ।
ਤੇ ਓਧਰਲੇ ਬੰਨੇ ਆਲੇ ਘੋੜੇ…
ਜਿਹੜੇ ਦੁਨਿਆਵੀ ਬੰਧਨਾਂ ਵਿਚ ਜਾਂਦੇ ਨੇ। ਕਿਸੇ ਦੀ ਗੁਲਾਮੀ ਸਿਰਫ ਇਸੇ ਕਰਕੇ ਕਬੂਲ ਕਰ ਲੈਂਦੇ ਨੇ ਕਿ ਇਸ ਵਿਚ ਉਹ ਸੁਰੱਖਿਅਤ ਮਹਿਸੂਸ ਕਰਦੇ ਨੇ ਵੀ ਕੋਈ ਨੇਜਾ, ਤਲਵਾਰ ਜਾਂ ਹਥਿਆਰ ਦਾ ਵਾਰ ਨਾ ਸਹਿਣਾ ਪੈਂਦਾ, ਸਮੇਂ ਸਿਰ ਹਰੇਕ ਦਿਨ ਆਪੇ ਹੀ ਦਾਣਾ ਪਾਣੀ ਮਿਲ ਜਾਂਦਾ ਏ ਅਤੇ ਲੋਕੀ ਪ੍ਰਦਸ਼ਨ ਦੇਖਕੇ ਤਾੜੀਆਂ ਮਾਰਦੇ ਹਨ।
ਇਹ ਦੇਖਣ ਅਤੇ ਸੁਨਣ ਵਿਚ ਚੰਗਾ ਤਾਂ ਲਗਦਾ ਏ ਪਰ ਉਹ ਫੇਰ ਅਖੀਰ ਨੂੰ ਤਮਾਸ਼ਾ ਬਣ ਕੇ ਰਹਿ ਜਾਂਦੇ ਨੇ – ਓਸ ਦੁਨੀਆ ਲਈ ਜਿਹਨੇ ਉਹਨਾਂ ਦੀ ਹੋਂਦ ਨੂੰ ਹੀ ਦਬਾ ਦਿੱਤਾ।
ਵੈਸੇ ਗੱਲ ਇਹ ਵੀ ਹੈ ਕਿ ਪਹਿਲਾਂ ਆਲਾ ਰਾਹ ਬਾਹਲਾ ਕਠਿਨ ਏ…
ਔਕੜਾਂ ਨਾਲ ਭਰਿਆ ਏ। ਜਦੋਂ ਖੁੱਲੇ ਹੋਕੇ ਗ਼ੈਰਤਾਂ ਨਾਲ ਜੰਗਲਾਂ ਵਿਚ ਵਿਚਰਦੇ ਆਂ ਤਾਂ ਕਿਸੇ ਪਾਸਿਓਂ ਕੋਈ ਵੀ ਹਮਲਾ ਕਰ ਸਕਦੈ ਪਰ
ਜਿਹੜੇ ਘੋੜੇ ਦੀ ਪਿੱਠ ‘ਤੇ ਨਗਾਰਾ ਬੱਧਾ ਹੋਵੇ, ਓਹਨੂੰ ਹਾਥੀਆਂ ਦੀਆਂ ਚਿੰਘਾਰਾਂ ਤੋਂ ਕਾਹਦਾ ਭੈਅ।
ਵੱਧ ਤੋਂ ਵੱਧ ਕੀ ਹੋਜੂ ? ਕਿਸੇ ਨਾਲ ਅੜਦਿਆਂ, ਲੜਦਿਆਂ ਝੜ ਜਾਵਾਂਗੇ। ਸਦਾ ਲਈ ਐਥੇ ਕੋਈ ਨੀ ਰਹਿੰਦਾ – ਨਾ ਜੰਗ ਵਿਚ ਜਾਣ ਵਾਲੇ ਨਾ ਮੇਲਿਆਂ ‘ਚ ਨੱਚਣ ਵਾਲੇ ਪਰ ਪਿੱਛੇ ਰਹਿ ਜਾਂਦੇ ਨੇ ਕਿਰਦਾਰ।
ਸੋ, ਫੈਂਸਲਾ ਅਸੀਂ ਓ ਕਰਨਾ ਹੁੰਦੈ ਵੀ ਦੁਨੀਆ ਵਿਚ ਰਲਣਾ ਏ ਜਾਂ ਉਸ ਕੁਦਰਤ ‘ਚ।