ਅਕਸਰ ਕੰਮ ਕਰਦਿਆਂ ਇਕ ਅਜਿਹਾ ਸਮਾਂ ਆਉਂਦਾ ਜਦੋਂ ਅਸੀਂ ਅੰਦਰੋਂ ਇੱਕਲਾਪਣ ਮਹਿਸੂਸ ਕਰਨ ਲੱਗ ਪੈਂਦੇ ਹਾਂ। ਬਟਾਲਵੀ ਦੀ ਕਵਿਤਾ – ਰਾਤ ਚਾਨਣੀ ਮੈਂ ਟੁਰਾਂ, ਮੇਰਾ ਨਾਲ ਟੁਰੇ ਪਰਛਾਵਾਂ – ਦੇ ਬੋਲ ਸੱਚ ਹੋ ਜਾਪਦੇ ਨੇ।
ਘੰਟਿਆਂ-ਬੱਧੀ ਬੈਠਣ ਤੋਂ ਬਾਅਦ ਵੀ code ਕੰਮ ਨਾ ਕਰਦਾ ਪਿਆ ਹੋਵੇ, ਕੋਈ design ਸੂਤ ਨਾ ਆਵੇ, ਢੰਗ ਨਾਲ lead ਸਿਰੇ ਨਾ ਚੜੇ, HR ਨਾਲ ਕੋਈ ਝਗੜਾ ਹੋ ਜਾਵੇ, ਨਾਲ ਦੇ ਸਾਥੀਆਂ ਦਾ ਕਿਸੇ ਕਾਰਨ ਚਲੇ ਜਾਣ, ਅਖੀਰਲੇ ਮੌਕੇ Manager ਵੱਲੋਂ deadline ਆ ਜਾਵੇ – ਇਹ ਸਭ ਉਹ ਸੰਘਰਸ਼ ਨੇ ਜਿਹਨਾਂ ਨਾਲ ਆਪਾਂ ਸਾਰੇ ਜੂਝਦੇ ਹਾਂ। ਪਰ ਨਾਲ ਦੀ ਨਾਲ ਜਦੋਂ ਕੋਈ ਨਿਜੀ ਮਸਲੇ ਜਿਵੇਂ ਘਰੇ ਕੋਈ ਦੁੱਖ ਦੁਖਾਂਤ, ਸਿਹਤ ਠੀਕ ਨਾ ਹੋਣਾ, ਕੋਈ ਝੜੱਪ ਹੋ ਜਾਵੇ ਤਾਂ ਉਦੋਂ ਫੇਰ ਸਾਡੀ ਸਥਿਤੀ “ਡਰਦੀ ਡਰਦੀ ਟੁਰਾਂ ਨਿਮਾਣੀ… ਪੋਲੇ ਪੱਬ ਟਿਕਾਵਾਂ” ਵਰਗੀ ਹੋ ਜਾਂਦੀ ਏ।
ਸਵੇਰ ਦੇ computer ਅੱਗੇ ਬੈਠੇ ਜਦੋਂ ਤ੍ਰਕਾਲਾਂ ਢਲ ਜਾਂਦੀਆਂ ਨੇ, ਦਫਤਰ ਦੀਆਂ ਬੱਤੀਆਂ ਬਾਹਰ ਦੇ ਹਨੇਰੇ ਵਿਚ ਜਗਮਗਾਉਂਦੀਆਂ ਹਨ ਤਾਂ ਚੁੱਪ ਦੀ ਬੈਠਕ ਵਿਚ ਇਹ ਸਵਾਲ ਉੱਠਦਾ ਕਿ “ਚਾਨਣ ਸਾਡੇ ਮੁੱਢੋਂ ਵੈਰੀ ਕੀਕਣ ਅੰਗ ਛੁਹਾਵਾਂ” ਤੇ ਫ਼ੇਰ ਘਰ ਨੂੰ ਜਾਂਦਿਆਂ ਇਹੀ ਖਿਆਲ ਆਉਂਦੇ ਨੇ ਕਿ
ਇਹ ਸਭ ਰੌਲੇ ਰੱਪੇ, ਹੱਡ ਤੋੜਵੀਆਂ ਮਿਹਨਤਾਂ ਭਲਾਂ ਕਾਹਦੇ ਲਈ?
ਅਖੀਰ ਅੰਦਰਲੇ ਜਜ਼ਬਾਤ ਜਾਗਦੇ ਨੇ, ਆਪਣੀਆਂ ਜਿੰਮੇਵਾਰੀਆਂ, ਕਬੀਲਦਾਰੀਆਂ ਅਤੇ ਸੁਪਨਿਆਂ ਨੂੰ ਯਾਦ ਕਰਦਿਆਂ ਇਹ ਅਹਿਸਾਸ ਹੁੰਦਾ ਕਿ ਇਸ ਹਨੇਰੇ ਵਿਚ ਵੀ “ਠੀਕਰੀ-ਪਹਿਰਾ ਦੇਣ ਸੁਗੰਧੀਆਂ ਲੋਰੀ ਦੇਣ ਹਵਾਵਾਂ” ਜੋ ਮੁੜ ਤੋਂ ਆਸ ਜਗਾਉਂਦੀਆਂ ਨੇ ਕਿ
ਜਿੰਦੇ ਮੇਰੀਏ,
ਇਹ ਜ਼ਿੰਦਗੀ ਦਾ ਦੌਰ ਸਭ ‘ਤੇ ਕਦੇ ਨਾ ਕਦੇ ਜ਼ਰੂਰ ਭਾਰਾ ਪੈਂਦਾ ਏ ਪਰ ਜੇਕਰ ਪਰਮਾਤਮਾ ਤੇ ਭਰੋਸਾ ਕਰਦਿਆਂ ਕਿਰਤ ਕਰਦੇ ਰਹੀਏ ਤਾਂ ਹਰ ਕੋਸ਼ਿਸ਼ ਦਾ ਮੁੱਲ ਜ਼ਰੂਰ ਪੈਂਦਾ ਏ।
ਸੋ, ਟੁਰਦੇ ਰਹੋ – ਬੇਸ਼ੱਕ ਸਾਥ ਸਿਰਫ ਪਰਛਾਂਵੇ ਦਾ ਹੀ ਹੋਵੇ … ਟੁਰਦੇ ਰਹੋ।
(ਪੰਜਾਬ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ)